ਮਿੱਲ ਮਾਲਕਾਂ ਵੱਲ ਕਿਸਾਨਾਂ ਦੇ 27.84 ਕਰੋੜ ਅਤੇ ਸਰਕਾਰ ਵੱਲ ਬਕਾਇਆ 18.93 ਕਰੋੜ ਰੁਪਏ ਦੇਣ ਦੀ ਕੀਤੀ ਮੰਗ
ਖੇਤੀਬਾੜੀ ਮੰਤਰੀ ਨਾਲ ਮੀਟਿੰਗ ਦੇ ਭਰੋਸੇ ਤੋਂ ਬਾਅਦ ਚੁੱਕਿਆ ਧਰਨਾ
ਫਗਵਾੜਾ 26 ਨਵੰਬਰ ,
ਭਾਰਤੀ ਕਿਸਾਨ ਯੂਨੀਅਨ ਦੋਆਬਾ ਵਲੋਂ ਅੱਜ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਦੀ ਅਗਵਾਈ ਹੇਠ ਗੋਲਡਨ ਸੰਧਰ ਸ਼ੁੱਗਰ ਮਿਲ ਫਗਵਾੜਾ ਦੇ ਗੇਟ ਸਾਹਮਣੇ ਧਰਨਾ ਲਗਾ ਕੇ ਜਬਰਦਸਤ ਰੋਸ ਮੁਜਾਹਰਾ ਕੀਤਾ। ਸਵੇਰੇ 10 ਵਜੇ ਵੱਡੀ ਗਿਣਤੀ ਵਿੱਚ ਕਿਸਾਨ ਜੱਥੇਬੰਦੀ ਦੇ ਆਗੂ ਅਤੇ ਗੰਨਾ ਕਾਸ਼ਤਕਾਰ ਮਿੱਲ ਦੇ ਸਾਹਮਣੇ ਇੱਕਤਰ ਹੋਏ ਅਤੇ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ, ਕ੍ਰਿਪਾਲ ਸਿੰਘ ਮੂਸਾਪੁਰ ਸੀਨੀਅਰ ਮੀਤ ਪ੍ਰਧਾਨ, ਸੰਤੋਖ ਸਿੰਘ ਲੱਖਪੁਰ ਸੂਬਾ ਮੀਤ ਪ੍ਰਧਾਨ, ਪ੍ਰੈਸ ਸਕੱਤਰ ਗੁਰਪਾਲ ਸਿੰਘ ਪਾਲਾ ਮੌਲੀ, ਸਰਕਲ ਪ੍ਰਧਾਨ ਕੁਲਵਿੰਦਰ ਸਿੰਘ ਕਾਲਾ ਅਠੌਲੀ ਤੋਂ ਇਲਾਵਾ ਕਸ਼ਮੀਰ ਸਿੰਘ ਪੰਨੂ, ਬਲਵਿੰਦਰ ਸਿੰਘ ਸਾਬੀ, ਰਸ਼ਪਾਲ ਸਿੰਘ ਸ਼ਾਦੀਪੁਰ, ਹਰਮਿੰਦਰ ਸਿੰਘ ਰਾਣਾ, ਦਵਿੰਦਰ ਸਿੰਘ ਸੰਧਵਾ, ਬਾਬਾ ਜਗਜੀਤ ਸਿੰਘ, ਗੁਰਸ਼ਰਨ ਸਿੰਘ ਚੀਮਾ ਪੰਡੋਰੀ, ਜਸਵੰਤ ਸਿੰਘ ਕਾਹਲੋਂ, ਕੁਲਜੀਤ ਸਿੰਘ ਖਾਨਖਾਨਾ, ਜਸਬੀਰ ਸਿੰਘ ਚੇਲਾ, ਬਹਾਦਰ ਸਿੰਘ ਦਿਆਲ ਪੁਰ ਆਦਿ ਨੇ ਕਿਹਾ ਕਿ ਗੰਨਾ ਕਾਸ਼ਤਕਾਰ ਪਿਛਲੇ ਕਈ ਸਾਲ ਤੋਂ ਮਿੱਲ ਮਾਲਕਾਂ ਵੱਲ ਬਕਾਇਆ ਕਰੀਬ 27 ਕਰੋੜ 84 ਲੱਖ ਰੁਪਏ ਅਤੇ ਸਰਕਾਰ ਵੱਲ ਬਕਾਇਆ ਕਰੀਬ 18 ਕਰੋੜ 93 ਲੱਖ ਰੁਪਏ ਦੀ ਅਦਾਇਗੀ ਲਈ ਸੰਘਰਸ਼ ਕਰ ਰਹੇ ਹਨ। ਉਹਨਾਂ ਕਿਹਾ ਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਬਣੀ ਸੀ ਤਾਂ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਗੰਨਾ ਦੇ ਸਾਰਾ ਬਕਾਇਆ ਪਹਿਲ ਦੇ ਅਧਾਰ ਤੇ ਦੁਆਇਆ ਜਾਵੇਗਾ। ਹੁਣ ਜਦੋਂ 5 ਸਾਲ ਦਾ ਕਾਰਜਕਾਲ ਪੂਰਾ ਹੋਣ ਜਾ ਰਿਹਾ ਹੈ ਤਾਂ ਵੀ ਇਸ ਸਰਕਾਰ ਵਲੋਂ ਟਾਲਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ। ਉਹਨਾਂ ਦੋਸ਼ ਲਾਇਆ ਕਿ ਮਿੱਲ ਮਾਲਕਾਂ ਅਤੇ ਸੂਬਾ ਸਰਕਾਰ ਦੀ ਮਿਲੀਭੁਗਤ ਨਾਲ ਗੰਨਾ ਕਾਸ਼ਤਕਾਰਾਂ ਦਾ ਆਰਥਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਹਨਾਂ ਰੋਸ ਪ੍ਰਗਟਾਉਂਦੇ ਹੋਏ ਕਿਹਾ ਕਿ ਸਰਕਾਰ ਨੇ ਗੰਨਾ ਕਾਸ਼ਤਕਾਰਾਂ ਦਾ ਬਕਾਇਆ ਦੁਆਉਣ ਦੀ ਬਜਾਏ ਫਗਵਾੜਾ ਸ਼ੁਗਰ ਮਿੱਲ ਨੂੰ ਸੀਲ ਕਰ ਦਿੱਤਾ ਹੈ, ਜਿਸ ਨਾਲ ਕਿਸਾਨ ਹੋਰ ਵੱਡੀ ਮੁਸੀਬਤ ਵਿੱਚ ਪੈ ਗਏ ਹਨ। ਕਿਉਂਕਿ ਗੰਨੇ ਦੀ ਫਸਲ ਪੱਕ ਕੇ ਤਿਆਰ ਖੜੀ ਹੈ ਅਤੇ ਕਿਸਾਨਾਂ ਨੂੰ ਆਪਣੀ ਮਿਹਨਤ ਨਾਲ ਤਿਆਰ ਕੀਤੀ ਫਸਲ ਦੂਰ-ਦੁਰਾਢੇ ਮਿੱਲਾਂ ਵਿੱਚ ਲਿਜਾਉਣ ਲਈ ਖੱਜਲ—ਖੁਆਰ ਹੋਣਾ ਪਵੇਗਾ। ਉਹਨਾਂ ਝੋਨੇ ਦੀ ਸਰਕਾਰੀ ਖਰੀਦ ਵਿੱਚ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਵੀ ਡੂੰਘੇ ਰੋਸ ਪ੍ਰਗਟਾਵਾ ਕੀਤਾ। ਉਹਨਾਂ ਸਪਸ਼ਟ ਕਿਹਾ ਕਿ ਕਿਸਾਨ ਸ਼ੂਗਰ ਮਿੱਲ ਬੰਦ ਕਰਵਾਉਣ ਦੇ ਹੱਕ ਵਿੱਚ ਨਹੀਂ, ਸਗੋਂ ਚਾਹੁੰਦੇ ਹਨ ਕਿ ਮਿੱਲ ਸੁਚਾਰੂ ਢੰਗ ਨਾਲ ਚੱਲੇ ਅਤੇ ਕਿਸਾਨਾਂ ਦਾ ਬਕਾਇਆ ਅਦਾ ਕੀਤਾ ਜਾਵੇ। ਕਿਸਾਨਾਂ ਦੀ ਮੰਗ ਸਿਰਫ਼ ਇਹ ਹੈ ਕਿ ਪਹਿਲਾਂ ਉਨ੍ਹਾਂ ਦਾ ਪੈਸਾ ਦਿੱਤਾ ਜਾਵੇ ਅਤੇ ਉਸ ਤੋਂ ਬਾਅਦ ਮਿੱਲ ਚਲਾਈ ਜਾਵੇ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਫਗਵਾੜਾ ਸ਼ੂਗਰ ਮਿੱਲ ਨੂੰ ਆਪਣੇ ਅਧੀਨ ਲੈ ਕੇ ਸਰਕਾਰ ਖੁਦ ਚਲਾਵੇ ਅਤੇ ਕਿਸਾਨਾਂ ਦੀ ਬਕਾਇਆ ਰਕਮ ਦਾ ਭੁਗਤਾਨ ਯਕੀਨੀ ਬਣਾਇਆ ਜਾਵੇ। ਹਾਲਾਂਕਿ ਕਿਸਾਨਾਂ ਵਲੋਂ ਆਪਣੇ ਕੀਤੇ ਪਹਿਲੇ ਐਲਾਨ ਮੁਤਾਬਕ ਦਿੱਲੀ-ਅੰਮ੍ਰਿਤਸਰ ਹਾਈ-ਵੇ ਜਾਮ ਨਹੀਂ ਕੀਤਾ ਗਿਆ ਪਰ ਸਥਾਨਕ ਪ੍ਰਸ਼ਾਸਨ ਇਸ ਤਰ੍ਹਾਂ ਦੀ ਕਿਸੇ ਸੰਭਾਵਨਾ ਦੇ ਮੱਦੇਨਜ਼ਰ ਮੁਸਤੈਦ ਨਜ਼ਰ ਆਇਆ ਅਤੇ ਬਾਅਦ ਦੁਪਿਹਰ ਤਹਿਸੀਲਦਾਰ ਸੁਖਚਰਨ ਸਿੰਘ, ਐਸ.ਪੀ. ਮੇਜਰ ਸਿੰਘ, ਡੀ.ਐਸ.ਪੀ. ਪਲਵਿੰਦਰ ਸਿੰਘ ਮੌਕੇ ਤੇ ਪਹੁੰਚੇ ਅਤੇ ਗੰਨਾ ਕਮਿਸ਼ਨਰ ਪੰਜਾਬ ਦੇ ਦਸਤਖਤਾਂ ਹੇਠ ਇੱਕ ਪੱਤਰ ਕਿਸਾਨ ਆਗੂਆਂ ਨੂੰ ਦਿੱਤਾ। ਜਿਸ ਵਿੱਚ 27 ਨਵੰਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਖੇਤੀ ਬਾੜੀ ਅਤੇ ਕਿਸਾਨ ਭਲਾਈ ਮੰਤਰੀ ਪੰਜਾਬ ਦੇ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਦਾ ਭਰੋਸਾ ਦਿੱਤਾ ਗਿਆ। ਜਿਸ ਤੋਂ ਬਾਅਦ ਦੁਪਿਹਰ ਕਰੀਬ 2 ਵਜੇ ਧਰਨਾ ਖਤਮ ਕਰਨ ਦਾ ਐਲਾਨ ਕਰਦੇ ਹੋਏ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨ ਜੱਥੇਬੰਦੀ ਦੀ 11 ਮੈਂਬਰੀ ਕਮੇਟੀ ਦੇ ਨਾਲ ਪ੍ਰਸ਼ਾਸਨ ਵਲੋਂ ਚੰਡੀਗੜ੍ਹ ਵਿਖੇ ਸ਼ੁੱਕਰਵਾਰ ਸਵੇਰੇ 11 ਵਜੇ ਮੀਟਿੰਗ ਰਖਵਾਈ ਗਈ ਹੈ। ਜਿਸ ਵਿੱਚ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਤੋਂ ਇਲਾਵਾ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਖੁੱਦ ਮੌਜੂਦ ਰਹਿਣ ਦੀ ਗੱਲ ਕਹੀ ਗਈ ਹੈ। ਉਹਨਾਂ ਤਾੜਨਾ ਕੀਤੀ ਕਿ ਜੇਕਰ ਇਸ ਮੀਟਿੰਗ ਵਿੱਚ ਵੀ ਕਿਸਾਨਾਂ ਨੂੰ ਵਰਗਲਾਉਣ ਦੀ ਕੋਈ ਕੋਸ਼ਿਸ਼ ਕੀਤੀ ਗਈ ਤਾਂ ਨਤੀਜੇ ਚੰਗੇ ਨਹੀਂ ਹੋਣਗੇ। ਉਹਨਾਂ ਗੰਨਾ ਕਾਸ਼ਤਕਾਰਾਂ ਦੇ ਬਕਾਏ ਦੀ ਤੁਰੰਤ ਅਦਾਇਗੀ ਨਾ ਕਰਵਾਏ ਜਾਣ ਦੀ ਸੂਰਤ ਵਿੱਚ ਵੱਡੀ ਪੱਧਰ ‘ਤੇ ਸੰਘਰਸ਼ ਦੀ ਚਿਤਾਵਨੀ ਵੀ ਦਿੱਤੀ। ਇਸ ਮੌਕੇ ਤਰਸੇਮ ਸਿੰਘ ਢਿੱਲੋਂ ਫਿਲੌਰ, ਮਨਜੀਤ ਸਿੰਘ ਲੱਲੀਆਂ, ਬਲਜਿੰਦਰ ਸਿੰਘ, ਬਲਜੀਤ ਸਿੰਘ, ਚੂਹੜ ਸਿੰਘ ਗੰਢਮ, ਹਰਦੀਪ ਸਿੰਘ ਨਸੀਰਾਬਾਦ, ਰਾਜਵਿੰਦਰ ਸਿੰਘ, ਗੁਰਨਾਮ ਸਿੰਘ, ਬਲਵਿੰਦਰ ਸਿੰਘ ਸਾਬੀ, ਜਸਵੰਤ ਸਿੰਘ ਕਾਹਲੋਂ, ਗੁਰਚੇਤਨ ਸਿੰਘ ਤੱਖਰ, ਕਸ਼ਮੀਰ ਸਿੰਘ ਪੁਆਦੜਾ, ਜਸਬੀਰ ਸਿੰਘ ਬੜਾ ਪਿੰਡ, ਰਣਜੀਤ ਸਿੰਘ, ਹਰਮਿੰਦਰ ਸਿੰਘ, ਰਾਜਾ ਸਿੰਘ, ਕੁਲਦੀਪ ਸਿੰਘ, ਚਰਨਜੀਤ ਸਿੰਘ, ਬਲਜਿੰਦਰ ਸਿੰਘ ਫਿਲੌਰ, ਇਕਬਾਲ ਸਿੰਘ, ਗੁਰਭੇਜ ਸਿੰਘ ਸੰਘਾ, ਮੱਖਣ ਸਿੰਘ ਟੋਡਰਪੁਰ, ਜਸਵੰਤ ਸਿੰਘ ਨੂਰਮਹਿਲ, ਬਿੰਦਰ ਫਰਾਲਾ, ਅਵਤਾਰ ਸਿੰਘ, ਸ਼ਰਨਜੀਤ ਸਿੰਘ, ਕੁਲਜੀਤ ਸਿੰਘ, ਰਾਜੂ ਵਿਰਕ, ਜਸਵਿੰਦਰ ਸਿੰਘ ਲੱਲੀਆਂ, ਸਨੀ ਵਾਹਦ, ਸੁਰਿੰਦਰ ਸਿੰਘ ਮਲਕਪੁਰ, ਨਿਰਮਲ ਸਿੰਘ ਸੱਲ੍ਹ ਪਲਾਹੀ, ਪਰਵਿੰਦਰ ਸਿੰਘ, ਨਰਿੰਦਰ ਸਿੰਘ ਗੋਲਡੀ, ਹਰਿੰਦਰ ਸਿੰਘ ਸ਼ੇਰਗਿਲ, ਬਹਾਦਰ ਸਿੰਘ ਪਲਾਹੀ, ਦਵਿੰਦਰ ਸਿੰਘ ਸੰਘੋਵਾਲ, ਰਣਜੀਤ ਸਿੰਘ ਖੇੜਾ, ਉਂਕਾਰ ਸਿੰਘ ਕਾਹਨਾ ਢੇਸੀਆਂ, ਬਲਵਿੰਦਰ ਸਿੰਘ ਨਵਾਂਸ਼ਹਿਰ ਤੋਂ ਇਲਾਵਾ ਸਰਕਲ ਫਗਵਾੜਾ ਦੇ ਕਿਸਾ ਵੱਡੀ ਗਿਣਤੀ ‘ਚ ਹਾਜਰ ਸਨ।