ਅੱਜ ਦਾ ਦਿਨ:
ਲੋਕ
ਅਵਾਜ਼
Lok Awaz Tv
ਸੱਚੀ ਆਵਾਜ਼, ਲੋਕਾਂ ਲਈ
NEWS | PUNJAB | INDIA | WORLD
Breaking News
Home Punjab ਸ਼ਹਿਰ ਦੇ ਮੁੱਖ ਚੌਕਾਂ ’ਚੋਂ ਗਾਇਬ ਟਰੈਫਿਕ ਪੁਲਿਸ, ਸ਼...

ਸ਼ਹਿਰ ਦੇ ਮੁੱਖ ਚੌਕਾਂ ’ਚੋਂ ਗਾਇਬ ਟਰੈਫਿਕ ਪੁਲਿਸ, ਸ਼ਹਿਰ ਦੇ ਸੁਰੱਖਿਆ ਪ੍ਰਬੰਧਾਂ ਨੂੰ ਵੀ ਛੱਡਿਆ ਰੱਬ ਆਸਰੇ

ਸ਼ਹਿਰ ਦੇ ਮੁੱਖ ਚੌਕਾਂ ’ਚੋਂ ਗਾਇਬ ਟਰੈਫਿਕ ਪੁਲਿਸ, ਸ਼ਹਿਰ ਦੇ ਸੁਰੱਖਿਆ ਪ੍ਰਬੰਧਾਂ ਨੂੰ ਵੀ ਛੱਡਿਆ ਰੱਬ ਆਸਰੇ

ਜੀ.ਟੀ. ਰੋਡ, ਬੰਗਾ ਰੋਡ ਅਤੇ ਹੁਸ਼ਿਆਰਪੁਰ ਰੋਡ ’ਤੇ ਲੱਗ ਰਹੇ ਜਾਮ, ਹਾਦਸਿਆਂ ਦਾ ਵੀ ਖ਼ਤਰਾ, ਪੀ.ਸੀ.ਆਰ. ਗਸ਼ਤ ਨਾਕਾਫ਼ੀ; ਲੋਕ ਪ੍ਰੇਸ਼ਾਨ

 

ਫਗਵਾੜਾ 23 ਨਵੰਬਰ ,

 ਸ਼ਹਿਰ ਦੇ ਮੁੱਖ ਮਾਰਗਾਂ ਅਤੇ ਭੀੜ-ਭੜੱਕੇ ਵਾਲੇ ਚੌਕਾਂ ਵਿੱਚ ਟਰੈਫਿਕ ਵਿਵਸਥਾ ਅਤੇ ਸੁਰੱਖਿਆ ਨੂੰ ਲੈ ਕੇ ਲੋਕਾਂ ਦੀਆਂ ਚਿੰਤਾਵਾਂ ਲਗਾਤਾਰ ਵਧ ਰਹੀਆਂ ਹਨ। ਜੀ.ਟੀ. ਰੋਡ, ਬੰਗਾ ਰੋਡ, ਹੁਸ਼ਿਆਰਪੁਰ ਰੋਡ ਸਮੇਤ ਸ਼ਹਿਰ ਦੇ ਕਈ ਪ੍ਰਮੁੱਖ ਮਾਰਗਾਂ ’ਤੇ ਟਰੈਫਿਕ ਪੁਲਿਸ ਦੀ ਨਿਯਮਤ ਤਾਇਨਾਤੀ ਨਾ ਹੋਣ ਕਾਰਨ ਅਕਸਰ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ। ਇਸ ਦੇ ਨਾਲ ਹੀ ਵਾਹਨਾਂ ਦੀ ਬੇਤਰਤੀਬ ਆਵਾਜਾਈ ਅਤੇ ਪਾਰਕਿੰਗ ਕਾਰਨ ਹਾਦਸਿਆਂ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਸ਼ਹਿਰ ਦੇ ਇਨ੍ਹਾਂ ਪ੍ਰਮੁੱਖ ਚੌਕਾਂ ’ਤੇ ਟਰੈਫਿਕ ਨੂੰ ਸੁਚਾਰੂ ਬਣਾਉਣ ਲਈ ਪੁਲਿਸ ਮੁਲਾਜ਼ਮਾਂ ਦੀ ਲੋੜ ਮਹਿਸੂਸ ਹੁੰਦੀ ਹੈ, ਪਰ ਕਈ ਥਾਵਾਂ ’ਤੇ ਪੁਲਿਸ ਦੀ ਗੈਰ-ਮੌਜੂਦਗੀ ਕਾਰਨ ਵਾਹਨ ਚਾਲਕਾਂ ਨੂੰ ਖੁਦ ਹੀ ਰਸਤਾ ਬਣਾਉਣ ਦੀ ਕੋਸ਼ਿਸ਼ ਕਰਨੀ ਪੈਂਦੀ ਹੈ। ਖ਼ਾਸ ਕਰਕੇ ਰੁਝੇਵੇਂ ਵਾਲੇ ਸਮੇਂ ਦੌਰਾਨ ਆਵਾਜਾਈ ਦਾ ਦਬਾਅ ਵਧਣ ਨਾਲ ਜਾਮ ਦੀ ਸਮੱਸਿਆ ਹੋਰ ਗੰਭੀਰ ਹੋ ਜਾਂਦੀ ਹੈ। ਦੂਜੇ ਪਾਸੇ ਸ਼ਹਿਰ ਵਿੱਚ ਪੀ.ਸੀ.ਆਰ. ਦੀ ਗਸ਼ਤ ਵੀ ਨਾਕਾਫ਼ੀ ਹੋਣ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਕਿਸੇ ਨਾ ਕਿਸੇ ਥਾਂ ਲੁੱਟ-ਖੋਹ ਜਾਂ ਚੈਨ ਸਨੈਚਿੰਗ ਵਰਗੀ ਘਟਨਾ ਵਾਪਰਨ ਦੀਆਂ ਖ਼ਬਰਾਂ ਮਿਲਦੀਆਂ ਹਨ, ਜਿਸ ਕਾਰਨ ਆਮ ਲੋਕਾਂ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਰਹੀ ਹੈ। ਲੋਕਾਂ ਨੂੰ ਉਮੀਦ ਹੁੰਦੀ ਹੈ ਕਿ ਪੁਲਿਸ ਦੀ ਗਸ਼ਤ ਵਧੇਗੀ ਅਤੇ ਅਪਰਾਧਿਕ ਗਤੀਵਿਧੀਆਂ ’ਤੇ ਰੋਕ ਲੱਗੇਗੀ, ਪਰ ਮੌਜੂਦਾ ਹਾਲਾਤਾਂ ਨੂੰ ਲੈ ਕੇ ਜਿਆਦਾਤਰ ਲੋਕ ਸੰਤੁਸ਼ਟ ਨਜ਼ਰ ਨਹੀਂ ਆ ਰਹੇ। ਥਾਣਿਆਂ ਵਿੱਚ ਪੁਲਿਸ ਮੁਲਾਜ਼ਮਾਂ ਦੀ ਘਾਟ ਵੀ ਕਾਨੂੰਨ ਵਿਵਸਥਾ ਨੂੰ ਪ੍ਰਭਾਵਿਤ ਕਰਨ ਵਾਲਾ ਇੱਕ ਅਹਿਮ ਮੁੱਦਾ ਬਣ ਕੇ ਸਾਹਮਣੇ ਆ ਰਿਹਾ ਹੈ। ਜਦੋਂ ਪੁਲਿਸ ਮੁਲਾਜ਼ਮਾਂ ਨਾਲ ਨਫਰੀ ਦੀ ਘਾਟ ਬਾਰੇ ਗੱਲ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਵੱਲੋਂ ਮੁਲਾਜ਼ਮਾਂ ਦੀ ਘਾਟ ਦਾ ਹਵਾਲਾ ਦਿੱਤਾ ਜਾਂਦਾ ਹੈ। ਕੁੱਝ ਮੁਲਾਜਮਾ ਨੇ ਤਾਂ ਦੱਬੀ ਆਵਾਜ ਵਿੱਚ ਇਹ ਰਾਜ ਵੀ ਖੋਲਿ੍ਹਆ ਕਿ ਫਗਵਾੜਾ ਪੁਲਿਸ ਉਪਰ ਬਹੁਤ ਜਿਆਦਾ ਸਿਆਸੀ ਦਬਾਅ ਬਣਿਆ ਰਹਿੰਦਾ ਹੈ। ਉਹ ਤਾਂ ਮਜਬੂਰੀ ਵਿੱਚ ਹੀ ਡਿਊਟੀ ਕਰ ਰਹੇ ਹਨ। ਅਜਿਹੇ ਵਿੱਚ ਸਵਾਲ ਇਹ ਉੱਠਦਾ ਹੈ ਕਿ ਜੇਕਰ ਪੁਲਿਸ ਕੋਲ ਨਾ ਫਰੀ ਹੈਂਡ ਹੈ ਤੇ ਨਾ ਹੀ ਲੋੜੀਂਦੀ ਨਫਰੀ ਤਾਂ ਫਿਰ ਸ਼ਹਿਰ ਦੀ ਸੁਰੱਖਿਆ ਵੀ ਰੱਬ ਦੇ ਆਸਰੇ ਹੀ ਛੱਡ ਦਿੱਤੀ ਗਈ ਹੈ। ਸਵਾਲ ਇਹ ਵੀ ਹੈ ਕਿ ਚੌਕਾਂ ਵਿੱਚ ਟਰੈਫਿਕ ਪ੍ਰਬੰਧ, ਸ਼ਹਿਰ ‘ਚ ਗਸ਼ਤ, ਅਪਰਾਧਾਂ ਦੀ ਰੋਕਥਾਮ ਅਤੇ ਲੋਕਾਂ ਦੀ ਸੁਰੱਖਿਆ ਕਿਵੇਂ ਯਕੀਨੀ ਬਣਾਈ ਜਾਵੇਗੀ? ਫਗਵਾੜਾ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਇਸ ਸਬੰਧੀ ਸੰਪਰਕ ਕਰਕੇ ਸ਼ਹਿਰ ਦੀ ਟਰੈਫਿਕ ਅਤੇ ਸੁਰੱਖਿਆ ਵਿਵਸਥਾ ਬਾਰੇ ਉਨ੍ਹਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ, ਪਰ ਕਿਸੇ ਜ਼ਿੰਮੇਵਾਰ ਅਧਿਕਾਰੀ ਦੀ ਪ੍ਰਤੀਕਿਰਿਆ ਪ੍ਰਾਪਤ ਨਹੀਂ ਹੋ ਸਕੀ। ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਮੁੱਖ ਚੌਕਾਂ ਵਿੱਚ ਟਰੈਫਿਕ ਪੁਲਿਸ ਦੀ ਨਿਯਮਤ ਤਾਇਨਾਤੀ ਯਕੀਨੀ ਬਣਾਈ ਜਾਵੇ, ਪੀ.ਸੀ.ਆਰ. ਗਸ਼ਤ ਨੂੰ ਪ੍ਰਭਾਵਸ਼ਾਲੀ ਬਣਾਇਆ ਜਾਵੇ ਅਤੇ ਪੁਲਿਸ ਨਫਰੀ ਦੀ ਘਾਟ ਨੂੰ ਦੂਰ ਕਰਨ ਲਈ ਢੁੱਕਵੇਂ ਕਦਮ ਚੁੱਕੇ ਜਾਣ, ਤਾਂ ਜੋ ਫਗਵਾੜਾ ਵਿੱਚ ਆਵਾਜਾਈ ਸੁਚਾਰੂ ਹੋਣ ਦੇ ਨਾਲ-ਨਾਲ ਲੋਕਾਂ ਦੀ ਸੁਰੱਖਿਆ ਦਾ ਭਰੋਸਾ ਵੀ ਮਜ਼ਬੂਤ ਹੋ ਸਕੇ।