ਅੱਜ ਦਾ ਦਿਨ:
ਲੋਕ
ਅਵਾਜ਼
Lok Awaz Tv
ਸੱਚੀ ਆਵਾਜ਼, ਲੋਕਾਂ ਲਈ
NEWS | PUNJAB | INDIA | WORLD
Breaking News
Home Punjab ਸਰਕਾਰਾਂ ਚੋਰੀ ਨਹੀਂ ਕਰਦੀਆਂ ਸਗੋਂ ਡਾਕੇ ਮਾਰਦੀਆਂ ਹਨ

ਸਰਕਾਰਾਂ ਚੋਰੀ ਨਹੀਂ ਕਰਦੀਆਂ ਸਗੋਂ ਡਾਕੇ ਮਾਰਦੀਆਂ ਹਨ

ਸਰਕਾਰਾਂ ਚੋਰੀ ਨਹੀਂ ਕਰਦੀਆਂ ਸਗੋਂ ਡਾਕੇ ਮਾਰਦੀਆਂ ਹਨ
ਪੀ.ਸੀ.ਐੱਸ. ਭਰਤੀ ਪ੍ਰਕਿਰਿਆ ’ਚ ਕਥਿਤ ਧਾਂਦਲੀਆਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ: ਸ਼ੇਰਗਿੱਲ
 
ਕਿਹਾ, ਲੰਮੇ ਸਮੇਂ ਤੋਂ ਮਿਹਨਤ ਕਰ ਰਹੇ ਯੋਗ ਉਮੀਦਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਅਦਾਲਤ ਜਲਦ ਕਰੇ ਫੈਸਲਾ
 
ਸ੍ਰੀ ਅੰਮ੍ਰਿਤਸਰ, 21 ਨਵੰਬਰ,                    ਅਧਿਕਾਰ ਸੰਘਰਸ਼ ਪਾਰਟੀ ਦੇ ਕੌਮੀ ਪ੍ਰਧਾਨ ਇੰਜ. ਗੁਰਬਖਸ਼ ਸਿੰਘ ਸ਼ੇਰਗਿੱਲ ਨੇ ਪੀ.ਸੀ.ਐੱਸ. ਭਰਤੀ ਪ੍ਰਕਿਰਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਲੰਮੇ ਸਮੇਂ ਤੋਂ ਮਿਹਨਤ ਅਤੇ ਉਡੀਕ ਕਰ ਰਹੇ ਉਮੀਦਵਾਰਾਂ ਵੱਲੋਂ ਚੋਣ ਪ੍ਰਕਿਰਿਆ ਵਿੱਚ ਕਥਿਤ ਬੇਨਿਯਮੀਆਂ ਅਤੇ ਧਾਂਦਲੀਆਂ ਦੇ ਦੋਸ਼ ਲਗਾਏ ਜਾ ਰਹੇ ਹਨ, ਜੋ ਕਿ ਬੇਹੱਦ ਚਿੰਤਾਜਨਕ ਅਤੇ ਨਿੰਦਣਯੋਗ ਹਨ। ਇੱਥੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਇੰਜ. ਸ਼ੇਰਗਿੱਲ ਨੇ ਦੱਸਿਆ ਕਿ 331 ਅਸਾਮੀਆਂ ਲਈ ਕੁੱਲ 85,192 ਉਮੀਦਵਾਰਾਂ ਨੇ ਮੁੱਢਲੀ ਪ੍ਰੀਖਿਆ ਦਿੱਤੀ ਸੀ। ਇਸ ਤੋਂ ਬਾਅਦ 3,959 ਉਮੀਦਵਾਰ ਮੁੱਖ ਪ੍ਰੀਖਿਆ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਵਿੱਚੋਂ ਸਿਰਫ਼ 751 ਉਮੀਦਵਾਰਾਂ ਨੂੰ ਇੰਟਰਵਿਊ ਲਈ ਬੁਲਾਇਆ ਗਿਆ। ਉਨ੍ਹਾਂ ਸਵਾਲ ਉਠਾਇਆ ਕਿ ਜੇਕਰ ਨਿਯਮਾਂ ਅਨੁਸਾਰ ਹਰੇਕ ਅਸਾਮੀ ਲਈ ਤਿੰਨ ਗੁਣਾ ਉਮੀਦਵਾਰਾਂ ਨੂੰ ਇੰਟਰਵਿਊ ਲਈ ਸੱਦਿਆ ਜਾਣਾ ਸੀ ਤਾਂ 331 ਅਸਾਮੀਆਂ ਲਈ 993 ਉਮੀਦਵਾਰ ਬੁਲਾਏ ਜਾਣੇ ਚਾਹੀਦੇ ਸਨ। ਇਸ ਦੇ ਬਾਵਜੂਦ ਘੱਟ ਉਮੀਦਵਾਰਾਂ ਨੂੰ ਇੰਟਰਵਿਊ ਲਈ ਸੱਦਣਾ ਕਈ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇੱਕੋ ਪ੍ਰੀਖਿਆ ਕੇਂਦਰ ਦੇ ਇੱਕੋ ਕਮਰੇ ਵਿੱਚੋਂ ਕਈ ਉਮੀਦਵਾਰਾਂ ਦਾ ਸਫਲ ਹੋਣਾ ਵੀ ਜਾਂਚ ਦਾ ਵਿਸ਼ਾ ਹੈ। ਇਸ ਸਬੰਧੀ ਉਮੀਦਵਾਰਾਂ ਵੱਲੋਂ ਸ਼ੱਕ ਜਤਾਇਆ ਜਾ ਰਿਹਾ ਹੈ ਅਤੇ ਪੂਰੀ ਚੋਣ ਪ੍ਰਕਿਰਿਆ ਦੀ ਪਾਰਦਰਸ਼ਤਾ ਨੂੰ ਲੈ ਕੇ ਸਵਾਲ ਉੱਠ ਰਹੇ ਹਨ। ਇੰਜ. ਸ਼ੇਰਗਿੱਲ ਨੇ ਦੱਸਿਆ ਕਿ ਉਮੀਦਵਾਰਾਂ ਵੱਲੋਂ ਅਦਾਲਤ ਦਾ ਦਰਵਾਜ਼ਾ ਖੜਕਾਉਣ ਅਤੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਅਗਲੀ ਕਾਰਵਾਈ ’ਤੇ ਰੋਕ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਲਗਭਗ ਛੇ ਸਾਲਾਂ ਦੀ ਲੰਮੀ ਉਡੀਕ ਤੋਂ ਬਾਅਦ ਵੀ ਭਰਤੀ ਪ੍ਰਕਿਰਿਆ ’ਤੇ ਧਾਂਦਲੀਆਂ ਦੇ ਦੋਸ਼ ਲੱਗਣਾ ਸਰਕਾਰ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਤਿੱਖੇ ਸ਼ਬਦਾਂ ਵਿੱਚ ਕਿਹਾ ਕਿ ਉਮੀਦਵਾਰਾਂ ਵਿੱਚ ਇਹ ਚਰਚਾ ਸੁਣਨ ਨੂੰ ਮਿਲ ਰਹੀ ਹੈ ਕਿ ਪਹਿਲੀਆਂ ਸਰਕਾਰਾਂ ਚੋਰੀ-ਛਿਪੇ ਆਪਣੇ ਚਹੇਤਿਆਂ ਨੂੰ ਅਡਜਸਟ ਕਰ ਲੈਂਦੀਆਂ ਸਨ, ਪਰ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਤਾਂ ਲੋਕਾਂ ਨੂੰ ਲੱਗ ਰਿਹਾ ਹੈ ਕਿ ਸਿੱਧੇ ਡਾਕੇ ਹੀ ਮਾਰੇ ਜਾ ਰਹੇ ਹਨ। ਇਸੇ ਸੰਦਰਭ ਵਿੱਚ ਉਨ੍ਹਾਂ ਕਿਹਾ ਕਿ ਸਰਕਾਰਾਂ ਚੋਰੀ ਨਹੀਂ ਕਰਦੀਆਂ, ਡਾਕੇ ਮਾਰਦੀਆਂ ਹਨ। ਅਖੀਰ ਵਿੱਚ ਇੰਜ. ਗੁਰਬਖਸ਼ ਸਿੰਘ ਸ਼ੇਰਗਿੱਲ ਨੇ ਅਧਿਕਾਰ ਸੰਘਰਸ਼ ਪਾਰਟੀ ਵੱਲੋਂ ਮਾਨਯੋਗ ਹਾਈਕੋਰਟ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦੀ ਜਲਦੀ ਸੁਣਵਾਈ ਕਰਕੇ ਸੱਚਾਈ ਸਾਹਮਣੇ ਲਿਆਂਦੀ ਜਾਵੇ ਅਤੇ ਪੀ.ਸੀ.ਐੱਸ. ਭਰਤੀ ਪ੍ਰਕਿਰਿਆ ਵਿੱਚ ਜੇਕਰ ਕੋਈ ਬੇਨਿਯਮੀ ਹੋਈ ਹੈ ਤਾਂ ਉਸ ਦੀ ਨਿਰਪੱਖ ਜਾਂਚ ਕਰਵਾਈ ਜਾਵੇ, ਤਾਂ ਜੋ ਮਿਹਨਤ ਕਰਨ ਵਾਲੇ ਯੋਗ ਉਮੀਦਵਾਰਾਂ ਨੂੰ ਇਨਸਾਫ਼ ਮਿਲ ਸਕੇ।