ਚਾਰਦੀਵਾਰੀ ਦੀ ਅਦਿੱਖ ਜੇਲ੍ਹ : ਕੰਮ-ਕਾਜੀ ਔਰਤਾਂ ਦਾ ਖ਼ਾਮੋਸ਼ ਦਰਦ
ਅੱਜ ਦਾ ਸਮਾਜ ਬੜੇ ਮਾਣ ਨਾਲ ਕਹਿੰਦਾ ਹੈ ਕਿ ਸਾਡੀਆਂ ਧੀਆਂ-ਨਹੁੰਆਂ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੀਆਂ ਹਨ। ਘਰ ਦੇ ਬਾਹਰ ਲੱਗੀ ਨੇਮ-ਪਲੇਟ 'ਤੇ ਹੁਣ ਔਰਤਾਂ ਦੀਆਂ ਡਿਗਰੀਆਂ ਅਤੇ ਉਨ੍ਹਾਂ ਦੇ ਅਹੁਦੇ ਚਮਕਦੇ ਹਨ। ਪਰ ਕੀ ਕਦੇ ਕਿਸੇ ਨੇ ਉਸ ਚਮਕਦੇ ਹੋਏ ਅਹੁਦੇ ਦੇ ਪਿੱਛੇ ਲੁਕੇ ਹੰਝੂਆਂ, ਟੁੱਟਦੇ ਸਰੀਰ ਅਤੇ ਮਾਨਸਿਕ ਤੌਰ 'ਤੇ ਮਰ ਰਹੀ ਇੱਕ ਔਰਤ ਦੀ ਚੀਖ਼ ਸੁਣੀ ਹੈ? ਸੱਚਾਈ ਇਹ ਹੈ ਕਿ ਪੜ੍ਹੇ-ਲਿਖੇ ਅਤੇ ਸੱਭਿਅਕ ਕਹਾਉਣ ਵਾਲੇ ਪਰਿਵਾਰਾਂ ਵਿੱਚ ਅੱਜ ਘਰੇਲੂ ਹਿੰਸਾ ਨੇ ਇੱਕ ਨਵਾਂ, ਬੇਹੱਦ ਚਲਾਕ ਅਤੇ ਅਦਿੱਖ ਰੂਪ ਧਾਰਨ ਕਰ ਲਿਆ ਹੈ।
ਇੱਕ ਕੰਮਕਾਜੀ ਔਰਤ ਸਵੇਰੇ ਤੜਕੇ ਉੱਠ ਕੇ ਰਸੋਈ ਸੰਭਾਲਦੀ ਹੈ, ਬੱਚਿਆਂ ਨੂੰ ਤਿਆਰ ਕਰਦੀ ਹੈ, ਸਾਰਿਆਂ ਲਈ ਡੱਬੇ ਪੈਕ ਕਰਦੀ ਹੈ ਅਤੇ ਫਿਰ ਦਫ਼ਤਰ ਦੀ ਦੌੜ ਵਿੱਚ ਸ਼ਾਮਲ ਹੁੰਦੀ ਹੈ। ਉੱਥੇ ਉਹ 8 ਤੋਂ 10 ਘੰਟੇ ਮਾਨਸਿਕ ਤੌਰ 'ਤੇ ਖ਼ੁਦ ਨੂੰ ਨਿਚੋੜਦੀ ਹੈ, ਪਰੇਸ਼ਾਨੀਆਂ ਝੱਲਦੀ ਹੈ ਦਫਤਰਾਂ ਦੀਆਂ ਫਾਈਲਾਂ ਚੋਂ ਨਿਕਲ ਘਰ ਦੇ ਅੰਦਰ ਵੜਦਿਆਂ ਹਮਦਰਦੀ ਦੇ ਬੋਲਾਂ ਦੀ ਮੱਲਮ ਨਾਲ ਥਕਾਵਟ ਦੂਰ ਨਹੀਂ ਕੀਤੀ ਜਾਂਦੀ ਸਗੋਂ ਕਮਾਉ ਨੂੰਹ ਨੂੰ ਗੁਲਾਮ ਬਣਾਉਣ ਦਿਆਂ ਨਜ਼ਰਾਂ ਉਡੀਕ ਕਰਦੀਆਂ ਮਿਲਦੀਆਂ ਹਨ। ਉਸਦਾ ਸਵਾਗਤ ਕਿਸੇ ਹਮਦਰਦੀ ਜਾਂ ਪਾਣੀ ਦੇ ਗਿਲਾਸ ਨਾਲ ਨਹੀਂ, ਬਲਕਿ ਰਸੋਈ ਵਿੱਚ ਪਏ ਜੂਠੇ ਬਰਤਨਾਂ ਅਤੇ ਸੋਫ਼ੇ 'ਤੇ ਬੈਠੇ ਪਰਿਵਾਰਕ ਮੈਂਬਰਾਂ ਦੇ ਆਰਡਰਾਂ ਨਾਲ ਹੁੰਦਾ ਹੈ।ਉਹ ਦਫ਼ਤਰ ਵਿੱਚ ਫਾਈਲਾਂ ਦਾ ਬੋਝ ਚੁੱਕਦੀ ਹੈ,ਤੇ ਘਰ ਆ ਕੇ ਪਰਿਵਾਰ ਦੀਆਂ ਉਮੀਦਾਂ ਦਾ।ਬਾਹਰ ਉਹ ਆਪਣੀ ਕਿਸਮਤ ਆਪ ਲਿਖਦੀ ਹੈ,ਪਰ ਘਰ ਦੀ ਰਸੋਈ ਵਿੱਚ ਆ ਕੇ ਅੱਜ ਵੀ ਗੁਲਾਮ ਹੋ ਜਾਂਦੀ ਹੈ।"
ਬਾਹਰੋਂ ਉਹ ਇੱਕ 'ਅਫ਼ਸਰ' ਜਾਂ 'ਕਮਾਊ ਨੂੰਹ' ਹੋ ਸਕਦੀ ਹੈ, ਪਰ ਘਰ ਵੜਦਿਆਂ ਹੀ ਉਹ ਸਿਰਫ਼ ਇੱਕ ਬਿਨਾਂ ਤਨਖਾਹ ਵਾਲੀ ਨੌਕਰਾਣੀ ਬਣ ਕੇ ਰਹਿ ਜਾਂਦੀ ਹੈ। ਘਰ ਦੇ ਮਰਦ ਅਤੇ ਬਾਕੀ ਮੈਂਬਰ, ਜੋ ਦਿਨ ਭਰ ਆਰਾਮ ਕਰਦੇ ਹਨ ਜਾਂ ਖੁਦ ਵੀ ਨੌਕਰੀ ਤੋਂ ਆਏ ਹੁੰਦੇ ਹਨ, ਉਹ ਰਿਮੋਟ ਹੱਥ ਵਿੱਚ ਫੜ ਕੇ ਬੈਠ ਜਾਂਦੇ ਹਨ। ਚਾਹੇ ਔਰਤ ਦੀ ਪਿੱਠ ਦਰਦ ਨਾਲ ਟੁੱਟ ਰਹੀ ਹੋਵੇ, ਚਾਹੇ ਉਸਦੀਆਂ ਅੱਖਾਂ ਨੀਂਦ ਅਤੇ ਥਕਾਵਟ ਨਾਲ ਮੀਟ ਰਹੀਆਂ ਹੋਣ, ਪਰ ਰੋਟੀ ਬਣਾਉਣ ਦੀ ਅਖੌਤੀ 'ਪਵਿੱਤਰ ਜ਼ਿੰਮੇਵਾਰੀ' ਸਿਰਫ਼ ਉਸੇ ਦੀ ਹੈ। ਕੀ ਇਹ ਹਿੰਸਾ ਨਹੀਂ ਹੈ?
ਸਭ ਤੋਂ ਸ਼ਰਮਨਾਕ ਸਥਿਤੀ ਉਦੋਂ ਹੁੰਦੀ ਹੈ ਜਦੋਂ ਇਹ ਔਰਤ ਬਿਮਾਰ ਹੁੰਦੀ ਹੈ। ਤੇਜ਼ ਬੁਖ਼ਾਰ ਜਾਂ ਸਰੀਰਕ ਤਕਲੀਫ਼ ਦੇ ਬਾਵਜੂਦ, ਉਸ ਕੋਲ ਬਿਸਤਰ 'ਤੇ ਪੈਣ ਦਾ ਹੱਕ ਨਹੀਂ ਹੁੰਦਾ।ਤਪਦੇ ਬੁਖਾਰ ਦੇ ਕਾਰਨ ਰੂਹ ਚੋਂ ਨਿਕਲਦੀਆਂ ਆਹਾ ਨੂੰ ਨਹੀਂ ਸੁਣਿਆ ਜਾਂਦਾ ਸਿਰਫ ਕੰਬਦੇ ਹੱਥਾਂ ਨਾਲ ਵੇਲੀਆਂ ਰੋਟੀਆਂ ਤੇ ਡਿਕ ਡੋਲੇ ਖਾਂਦੇ ਸਰੀਰ ਨਾਲ ਸਮੇਟੇ ਕੰਮਾਂ ਨੂੰ ਮਾਣਿਆ ਜਾਂਦਾ ਹੈ। ਘਰ ਦੇ ਸਿਆਣੇ ਉਸਦੀ ਸਿਹਤ ਪੁੱਛਣ ਦੀ ਬਜਾਏ, ਸਬਜ਼ੀ ਵਿੱਚ ਲੂਣ-ਮਿਰਚ ਦੀ ਕਮੀ ਕੱਢ ਕੇ ਤਾਹਨੇ ਮਾਰਦੇ ਹਨ। ਤਾਹਨਾ ਦਿੱਤਾ ਜਾਂਦਾ ਹੈ—"ਜੇ ਨੌਕਰੀ ਕਰਦੀ ਹੈ ਤਾਂ ਕੋਈ ਅਹਿਸਾਨ ਨਹੀਂ ਕਰਦੀ, ਘਰ ਦੇ ਕੰਮ ਤਾਂ ਕਰਨੇ ਹੀ ਪੈਣਗੇ।"ਜਦੋਂ ਬੁਖ਼ਾਰ ਨਾਲ ਕੰਬਦੇ ਹੱਥਾਂ ਨਾਲ ਉਹ ਰੋਟੀਆਂ ਵੇਲਦੀ ਹੈ,ਤਾਂ ਸਮਝ ਲੈਣਾ ਉਹ ਖਾਣਾ ਨਹੀਂ ਬਣ ਰਿਹਾ...ਬਲਕਿ ਇੱਕ ਪਰਿਵਾਰ ਦੀ ਭੁੱਖ ਮਿਟਾਉਣ ਲਈ,ਇੱਕ ਔਰਤ ਦੇ ਹੱਡ-ਮਾਸ ਦਾ ਰਸ ਨਿਚੋੜਿਆ ਜਾ ਰਿਹਾ ਹੈ।"
ਇੱਕ ਔਰਤ, ਜੋ ਪੂਰੇ ਘਰ ਨੂੰ ਆਰਥਿਕ ਅਤੇ ਸਰੀਰਕ ਤੌਰ 'ਤੇ ਸੰਭਾਲ ਰਹੀ ਹੈ, ਉਸ ਨੂੰ ਬਿਮਾਰੀ ਵੇਲੇ ਬਣੇ-ਬਣਾਏ ਖਾਣੇ ਦਾ ਇੱਕ ਨਿਵਾਲਾ ਜਾਂ ਪਿਆਰ ਦਾ ਇੱਕ ਬੋਲ ਵੀ ਨਸੀਬ ਨਹੀਂ ਹੁੰਦਾ। ਅਸੀਂ ਕਿਸ ਮੂੰਹ ਨਾਲ ਖੁਦ ਨੂੰ ਇਨਸਾਨ ਕਹਿੰਦੇ ਹਾਂ
ਕਈ ਘਰਾਂ ਵਿੱਚ ਤਾਂ ਹੱਦ ਹੀ ਹੋ ਜਾਂਦੀ ਹੈ। ਔਰਤ ਦੀ ਮਹੀਨੇ ਭਰ ਦੀ ਮਿਹਨਤ ਦੀ ਕਮਾਈ 'ਤੇ ਉਸਦਾ ਆਪਣਾ ਕੋਈ ਹੱਕ ਨਹੀਂ ਹੁੰਦਾ। ਆਪਣੇ ਮਾਪਿਆਂ ਦੀ ਮਦਦ ਕਰਨ ਲਈ ਵੀ ਉਸ ਨੂੰ ਪਤੀ ਜਾਂ ਸੱਸ ਅੱਗੇ ਹੱਥ ਅੱਡਣੇ ਪੈਂਦੇ ਹਨ। ਇਹ ਆਰਥਿਕ ਸ਼ੋਸ਼ਣ ਉਸਦੇ ਆਤਮ-ਸਨਮਾਨ ਨੂੰ ਹਰ ਰੋਜ਼ ਕਤਲ ਕਰਦਾ ਹੈ।ਹੁਣ ਜਿਸਮ 'ਤੇ ਨੀਲ ਦੇ ਨਿਸ਼ਾਨ ਨਹੀਂ ਲੱਭਣਗੇ,ਪੜ੍ਹੇ-ਲਿਖੇ ਸਮਾਜ ਨੇ ਹਿੰਸਾ ਦਾ ਤਰੀਕਾ ਬਦਲ ਲਿਆ ਹੈ।ਹੁਣ ਤਾਹਨਿਆਂ ਨਾਲ ਰੂਹ ਨੂੰ ਜ਼ਖ਼ਮੀ ਕੀਤਾ ਜਾਂਦਾ ਹੈ,ਅਤੇ ਮਜਬੂਰੀਆਂ ਨੂੰ ਔਰਤ ਦਾ 'ਫ਼ਰਜ਼' ਦੱਸਿਆ ਜਾਂਦਾ ਹੈ। ਕੋਈ ਨਹੀਂ ਵੇਖਦਾ ਉਸਦੇ ਅੱਖਾਂ ਦਾ ਉਨੀਂਦਰਾਪਣ, ਰੂਹ ਤੇ ਪਏ ਛਾਲੇ ਤੇ ਉਸਦਾ ਮੁਰਝਾਇਆ ਚਿਹਰਾ ਕਿਉਂਕਿ ਅਜੋਕੇ ਦੌਰ ਵਿੱਚ ਹਿੰਸਾ ਜਿਸਮਾਂ ਤੋਂ ਨਹੀਂ ਸਗੋਂ ਜਿਸਮਾਂ ਨੂੰ ਪਾਰ ਕਰ ਰੂਹਾਂ ਵਿੱਚੋਂ ਝਲਕਦੀ ਹੈ ਜੋ ਉਸਦੇ ਸਕੂਨ ਨਾਲ ਹੁੰਦੀ ਹੈ। ਇਹ ਹਿੰਸਾ ਅਦਿਖ ਹੁੰਦਿਆਂ ਹੋਇਆਂ ਵੀ ਗਹਿਰਾ ਅਸਰ ਛੱਡਦੀ ਹੈ "ਪਾਤਰ ਸਾਹਬ ਨੇ ਵੀ ਔਰਤ ਦੀ ਦਰਦਨਾਕ ਸਥਿਤੀ ਨੂੰ ਕੁੱਝ ਇਸ ਤਰਾਂ ਬਿਆਨ ਕੀਤਾ ਹੈ-
ਮੈਂ ਨਦੀ ਹਾਂ, ਦੋ ਕਿਨਾਰਿਆਂ ਵਿੱਚ ਹੀ ਵਗਦੀ ਰਹੀ,
ਇੱਕ ਦਫ਼ਤਰ ਦੀ ਮੇਜ਼ ਸੀ, ਇੱਕ ਘਰ ਦੀ ਰਸੋਈ ਸੀ।"
ਅਸੀਂ ਰਸੋਈ ਦੇ ਕੰਮ ਨੂੰ ਔਰਤ ਦੇ ਹਿੱਸੇ ਪਾ ਕੇ ਮਰਦਾਂ ਨੂੰ 'ਮਹਾਪੁਰਸ਼' ਬਣਾ ਦਿੱਤਾ ਹੈ। ਜੇਕਰ ਪਰਿਵਾਰ ਦੇ ਮਰਦ ਬਾਹਰ ਕੰਮ ਕਰਕੇ ਥੱਕ ਸਕਦੇ ਹਨ, ਤਾਂ ਔਰਤ ਕਿਉਂ ਨਹੀਂ? ਕੀ ਉਸਦਾ ਸਰੀਰ ਲੋਹੇ ਦਾ ਬਣਿਆ ਹੈ? ਜਿਸ ਘਰ ਵਿੱਚ ਕਮਾਈ ਦੋਵੇਂ ਕਰਦੇ ਹਨ, ਉੱਥੇ ਘਰ ਦੇ ਕੰਮ ਵੀ ਦੋਵਾਂ ਦੇ ਹੋਣੇ ਚਾਹੀਦੇ ਹਨ।
ਹੁਣ ਸਮਾਂ ਆ ਗਿਆ ਹੈ ਕਿ ਅਸੀਂ ਇਸ 'ਪੜ੍ਹੇ-ਲਿਖੇ ਵਹਿਸ਼ੀਪੁਣੇ' ਨੂੰ ਬੰਦ ਕਰੀਏ। ਘਰ ਦੀਆਂ ਵੱਡੀਆਂ ਔਰਤਾਂ ਸੱਸਾਂ ਨੂੰ ਆਪਣੀ ਨੂੰਹ ਵਿੱਚ ਆਪਣੀ ਧੀ ਦੇਖਣੀ ਪਵੇਗੀ ਅਤੇ ਮਰਦਾਂ ਨੂੰ ਆਪਣੀ 'ਮਰਦਾਨਗੀ' ਦਾ ਹੰਕਾਰ ਛੱਡ ਕੇ ਰਸੋਈ ਵਿੱਚ ਹੱਥ ਵਟਾਉਣਾ ਪਵੇਗਾ। ਔਰਤਾਂ ਕੋਈ ਮਸ਼ੀਨਾਂ ਨਹੀਂ ਹਨ। ਜੇ ਅਸੀਂ ਅੱਜ ਵੀ ਨਾ ਜਾਗੇ, ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮੁਆਫ਼ ਨਹੀਂ ਕਰਨਗੀਆਂ।
ਬਾਹਰ ਤਾਂ ਸਭ ਨੇ ਦੇਖੀ ਮੇਰੀ ਉੱਚੀ ਉਡਾਣ ਹੈ,
ਪਰ ਘਰ ਦੀ ਚਾਰਦੀਵਾਰੀ 'ਚ ਮੇਰੀ ਰੂਹ ਲਹੂ-ਲੁਹਾਨ ਹੈ।"
ਸਰਬਜੀਤ ਕੌਰ,ਪੰਜਾਬੀ ਲੈਕਚਰਾਰ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਦੜਾ (ਮਾਨਸਾ)