ਵਿਧਾਇਕ ਦਿਨੇਸ਼ ਚੱਢਾ ਨੇ ਸਮੀਨਾ ਰਾਣਾ ਨੂੰ ਕੀਤਾ ਸਨਮਾਨਿਤ, ਕਿਹਾ - ਧੀਆਂ ਅੱਜ ਕਿਸੇ ਵੀ ਖੇਤਰ 'ਚ ਮੁੰਡਿਆਂ ਤੋਂ ਘੱਟ ਨਹੀਂ ।
ਨੂਰਪੁਰ ਬੇਦੀ 22 ਨਵੰਬਰ,
ਹਲਕਾ ਰੂਪਨਗਰ ਦੇ ਪਿੰਡ ਹਿਆਤਪੁਰ ਦੀ ਹੋਣਹਾਰ ਧੀ ਸਮੀਨਾ ਰਾਣਾ ਵੱਲੋਂ ਭਾਰਤੀ ਫ਼ੌਜ 'ਚ ਲੈਫ਼ਟੀਨੈਂਟ ਬਣ ਕੇ ਵੱਡੀ ਪ੍ਰਾਪਤੀ ਹਾਸਲ ਕਰਨ ਨਾਲ ਜਿੱਥੇ ਪਰਿਵਾਰ 'ਚ ਖ਼ੁਸ਼ੀ ਦਾ ਮਾਹੌਲ ਹੈ, ਉੱਥੇ ਹੀ ਪੂਰੇ ਇਲਾਕੇ 'ਚ ਮਾਣ ਅਤੇ ਉਤਸ਼ਾਹ ਦੀ ਲਹਿਰ ਦੌੜ ਗਈ ਹੈ। ਸਮੀਨਾ ਰਾਣਾ ਦੀ ਇਸ ਮਾਣਮੱਤੀ ਪ੍ਰਾਪਤੀ ਦੀ ਖ਼ੁਸ਼ੀ 'ਚ ਪਰਿਵਾਰ ਵੱਲੋਂ ਸਤਿਸੰਗ ਸਮਾਗਮ ਕਰਵਾਇਆ ਗਿਆ, ਜਿਸ 'ਚ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਸਮੀਨਾ ਰਾਣਾ ਨੂੰ ਸਨਮਾਨਿਤ ਕਰਦਿਆਂ ਉਸ ਦੀ ਪ੍ਰਾਪਤੀ ਲਈ ਪਰਿਵਾਰ ਨੂੰ ਵਧਾਈ ਦਿੱਤੀ।
ਇਸ ਮੌਕੇ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਸਮੀਨਾ ਰਾਣਾ ਨੇ ਭਾਰਤੀ ਫ਼ੌਜ 'ਚ ਲੈਫ਼ਟੀਨੈਂਟ ਬਣ ਕੇ ਨਾ ਸਿਰਫ਼ ਆਪਣੇ ਮਾਪਿਆਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ, ਸਗੋਂ ਪਿੰਡ ਹਿਆਤਪੁਰ ਅਤੇ ਸਮੁੱਚੇ ਇਲਾਕੇ ਦਾ ਨਾਮ ਵੀ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਸੇਵਾ ਕਰਨ ਦਾ ਜਜ਼ਬਾ ਅਤੇ ਅਨੁਸ਼ਾਸਨ ਵਾਲੇ ਖੇਤਰ 'ਚ ਅਜਿਹਾ ਮੁਕਾਮ ਹਾਸਲ ਕਰਨਾ ਬਹੁਤ ਵੱਡੀ ਗੱਲ ਹੈ। ਸਮੀਨਾ ਦੀ ਇਹ ਪ੍ਰਾਪਤੀ ਹੋਰਨਾਂ ਨੌਜਵਾਨਾਂ ਲਈ ਵੀ ਪ੍ਰੇਰਣਾ ਦਾ ਸਰੋਤ ਬਣੇਗੀ।
ਵਿਧਾਇਕ ਨੇ ਕਿਹਾ ਕਿ ਅੱਜ ਦੀਆਂ ਧੀਆਂ ਕਿਸੇ ਵੀ ਖੇਤਰ 'ਚ ਮੁੰਡਿਆਂ ਨਾਲੋਂ ਘੱਟ ਨਹੀਂ ਹਨ। ਲੋੜ ਸਿਰਫ਼ ਉਨ੍ਹਾਂ ਨੂੰ ਬਰਾਬਰ ਦੇ ਮੌਕੇ, ਸਹੀ ਮਾਰਗਦਰਸ਼ਨ ਅਤੇ ਪਰਿਵਾਰਕ ਹੌਸਲਾ ਦੇਣ ਦੀ ਹੈ। ਧੀਆਂ ਨੂੰ ਸਿੱਖਿਆ ਅਤੇ ਆਪਣੇ ਸੁਪਨੇ ਪੂਰੇ ਕਰਨ ਦੀ ਆਜ਼ਾਦੀ ਦਿੱਤੀ ਜਾਵੇ ਤਾਂ ਉਹ ਹਰ ਖੇਤਰ 'ਚ ਨਵੀਆਂ ਮੰਜ਼ਿਲਾਂ ਸਰ ਕਰ ਸਕਦੀਆਂ ਹਨ। ਸਮੀਨਾ ਰਾਣਾ ਦੀ ਕਾਮਯਾਬੀ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਦ੍ਰਿੜ੍ਹ ਇਰਾਦੇ ਅਤੇ ਸਖ਼ਤ ਮਿਹਨਤ ਨਾਲ ਕੋਈ ਵੀ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਧੀਆਂ ਸਮਾਜ ਲਈ ਮਾਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਚਾਨਣ ਮੁਨਾਰਾ ਹੁੰਦੀਆਂ ਹਨ।
ਇਸ ਮੌਕੇ ਰਜਿੰਦਰ ਸਿੰਘ ਰਾਣਾ, ਚੇਅਰਮੈਨ ਰਾਜਪੂਤ ਵੈਲਫੇਅਰ ਬੋਰਡ, ਡਾ. ਐਸ.ਪੀ. ਭਾਰਦਵਾਜ, ਐਡਵੋਕੇਟ ਦੌਲਤ ਸਿੰਘ ਚਵਰੇਵਾਲ, ਰਾਜੂ ਰਾਣਾ, ਬਲਵੀਰ ਟੇਢੇਵਾਲ ਸਮੇਤ ਹੋਰ ਪਤਵੰਤੇ ਸੱਜਣ ਅਤੇ ਪਰਿਵਾਰਕ ਮੈਂਬਰ ਹਾਜ਼ਰ ਸਨ। ਸਮਾਗਮ ਦੌਰਾਨ ਸਮੀਨਾ ਰਾਣਾ ਦੀ ਇਸ ਪ੍ਰਾਪਤੀ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਸ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ ਗਈ।