ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚ ਸੱਚੀ ਸੁੱਚੀ ਕਿਰਤ ਨੂੰ ਅਹਿਮ ਸਥਾਨ ਦਿੱਤਾ ਗਿਆ ਹੈ। ਸਾਡੇ ਪੰਜਾਬੀ ਲੋਕ ਬਾਬੇ ਨਾਨਕ ਦੇ ਪੈਰੋਕਾਰ ਬਣ ਕੇ ਜ਼ਿੰਦਗੀ ਜਿਉਣ ਵਾਲੇ ਸਨ। ਜਿਹਨਾਂ ਨੇ ਪੁਰਾਤਨ ਸਮੇਂ ਦੇ ਵਿੱਚ ਸੱਚੀ ਸੁੱਚੀ ਕਿਰਤ ਨੂੰ ਆਪਣੀ ਤਕਦੀਰ ਮੰਨਿਆ, ਪੰਜਾਬੀਆਂ ਦੇ ਲਈ ਸਭ ਤੋਂ ਉੱਤਮ ਕਿੱਤਾ ਖੇਤੀ ਸੀ। ਖੇਤੀ ਕਰਨ ਦੇ ਲਈ ਪੂਰਾ ਪੇਂਡੂ ਭਾਈਚਾਰਾ ਕਿਸਾਨ ਮਜ਼ਦੂਰ, ਪੂਰੀ ਜਿੰਦ ਜਾਨ ਦੇ ਨਾਲ ਮਿਹਨਤ ਕਰਦਾ ਸੀ। ਪਿੰਡਾਂ ਦੇ ਦੂਜੇ ਕਿੱਤਾਕਾਰ, ਕਿਸਾਨ ਦੇ ਉੱਤੇ ਨਿਰਭਰ ਹੁੰਦੇ ਸਨ। ਘੁਮਿਆਰ ਪਾਣੀ ਦੇ ਘੜੇ ਕਿਸਾਨਾਂ ਨੂੰ ਦਿੰਦੇ, ਤਰਖਾਣ ਅਤੇ ਲੁਹਾਰ ਖੇਤੀ ਦੇ ਔਜ਼ਾਰ ਤਿਆਰ ਕਰਦੇ, ਹਾੜੀ ਦੇ ਦਿਨਾਂ ਵਿੱਚ, ਦਾਤੀਆਂ ਦੇ ਦੰਦੇ ਤਿੱਖੇ ਕਰਵਾਉਣ ਲਈ, ਲੁਹਾਰ ਦੇ ਘਰ ਮੇਲਾ ਲੱਗਿਆ ਰਹਿੰਦਾ ਸੀ। ਲੋਕ ਧੀਆਂ ਭੈਣਾਂ ਦੇ ਸਾਂਝੀ ਸਨ, ਸਾਰੇ ਲੋਕ ਸਲੀਕੇ ਨਾਲ ਜ਼ਿੰਦਗੀ ਜਿਉਂਦੇ। ਪਿੰਡ ਦੀ ਕੁੜੀ ਅਤੇ ਪਿੰਡ ਦਾ ਪ੍ਰਾਹੁਣਾ, ਪੂਰੇ ਨਗਰ ਲਈ ਸਤਿਕਾਰ ਦਾ ਪਾਤਰ ਹੁੰਦਾ ਸੀ। ਲੋਕਾਂ ਦੇ ਵਿੱਚ ਸਬਰ ਸੰਤੋਖ ਸੀ।
ਛੋਟੇ ਕਿਸਾਨ, ਜਿਹਨਾਂ ਕੋਲ ਏਕੜ, ਦੋ ਏਕੜ ਜਮੀਨ ਸੀ। ਉਹ ਵੀ ਵਧੀਆ ਗੁਜ਼ਾਰਾ ਕਰਦੇ ਸਨ। ਕਿਉਂਕਿ, ਉਸ ਸਮੇਂ ਘਰਾਂ ਦੇ ਖਰਚੇ ਬਹੁਤ ਕੰਟਰੋਲ ਦੇ ਵਿੱਚ ਸਨ। ਲੋਕੀ ਸਿਰਫ ਲੂਣ ਮੰਡੀ ਦੇ ਵਿੱਚੋਂ ਖਰੀਦ ਦੇ, ਮਾਚਿਸ ਦੀ ਤੀਲੀ ਨਾਲ, ਅੱਗ ਬਾਲਣ ਨੂੰ ਵੀ ਖਰਚੇ ਦਾ ਘਰ ਮੰਨਿਆ ਜਾਂਦਾ ਸੀ। ਚੁੱਲ੍ਹੇ ਨੂੰ ਬਲਦਾ ਰੱਖਣ ਦੇ ਲਈ ਔਰਤਾਂ, ਰੋਟੀ ਪਕਾਉਣ ਤੋਂ ਬਾਅਦ ਪਾਥੀ ਰੱਖ ਦਿੰਦੀਆਂ ਸਨ। ਜੋ ਚੁੱਲ੍ਹੇ ਦੇ ਵਿੱਚ ਸਾਰਾ ਦਿਨ ਮੱਘਦੀ ਰਹਿੰਦੀ ਸੀ। ਵਿਆਹ ਸਾਦੀਆਂ ਦੇ ਵਿੱਚ, ਲੋਕੀ ਸਾਦਗੀ "ਤੇ ਪਹਿਰਾ ਦਿੰਦੇ। ਲੱਡੂ ਜਲੇਬੀਆਂ ਹੀ ਮੁੱਖ ਮਠਿਆਈ ਹੁੰਦੀਆਂ ਸਨ। ਮੰਗਣੇ ਦੇ ਉੱਤੇ ਪਤਾਸੇ ਵੰਡੇ ਜਾਂਦੇ, ਹਰ ਵਿਅਕਤੀ ਨੂੰ ਖਾਕੀ ਲਿਫਾਫੇ ਦੇ ਵਿੱਚ ਸਗਨ ਦੇ ਤੌਰ ਤੇ ਪਤਾਸੇ ਦਿੱਤੇ ਜਾਂਦੇ। ਸਭ ਤੋਂ ਵੱਡੀ ਗੱਲ ਕਰਜੇ ਦਾ ਬੋਝ ਨਹੀਂ ਸੀ। ਲੋਕੀ ਸ਼ਾਂਤੀ ਦਾ ਜੀਵਨ ਜਿਉਂਦੇ, ਕਰਜ਼ੇ ਦੇ ਜੰਜਾਲ ਤੋਂ ਮੁਕਤ ਸਨ। ਜੇਕਰ ਥੋੜਾ ਬਹੁਤਾ ਕਰਜਾ , ਕਿਸੇ ਸਾਹੂਕਾਰ ਤੋਂ ਚੁੱਕਿਆ ਹੁੰਦਾ, ਤਾਂ ਕਿਸਾਨ ਨੂੰ ਕਰਜ਼ਾ ਮੋੜਨ ਦਾ ਫਿਕਰ ਹੁੰਦਾ ਸੀ। ਲੋਕੀ ਪਰਮਾਤਮਾ ਦੇ ਵਿੱਚ ਪੂਰੀ ਸ਼ਰਧਾ ਰੱਖਦੇ, ਦੁੱਧ ਵੇਚਣ ਨੂੰ ਪੁੱਤ ਵੇਚਣ ਦੇ ਸਮਾਨ ਮੰਨਦੇ ਸਨ। ਹਰ ਘਰ ਦੇ ਵਿੱਚ ਲੱਸੀ ਰਿੜਕੀ ਜਾਂਦੀ, ਸਰੋਂ ਦੇ ਸਾਗ ਵਿੱਚ ਮੱਖਣ ਪਾ ਕੇ ਖਾਣ ਦਾ, ਆਪਣਾ ਹੀ ਆਨੰਦ ਹੁੰਦਾ ਸੀ। ਪਰ ਸਮੇਂ ਨਾਲ, ਨਵੀਂ ਪਨੀਰੀ ਨੇ ਪੁਰਾਣੇ ਸਿਧਾਂਤਾਂ ਨੂੰ ਤਿਆਗ ਦਿੱਤਾ। ਸਿਆਣੇ ਬਜ਼ੁਰਗਾ ਨੂੰ ਕਿਸੇ ਨੇ ਅਹਿਮੀਅਤ ਨਾ ਦਿੱਤੀ। ਤਰੱਕੀ ਹੋਣੀ, ਕੋਈ ਬੁਰੀ ਗੱਲ ਨਹੀਂ, ਪਰ ਉਹ ਕਾਹਦੀ ਤਰੱਕੀ, ਜਿਹੜੀ ਮਨੁੱਖਤਾ ਦੇ ਲਈ ਖਤਰਨਾਕ ਬਣ ਜਾਵੇ। ਨਵੀਂ ਪੀੜ੍ਹੀ ਨੇ ਖੇਤੀ ਤੋ ਮੁੱਖ ਹੀ ਮੋੜ ਲਿਆ। ਦੋ ਚਾਰ ਏਕੜ ਵਾਲੇ ਕਿਸਾਨ ਤਾਂ ਕੀ, ਮੱਧ ਵਰਗੀ ਕਿਸਾਨ ਵੀ ਅੱਜ ਦੇ ਖੇਤੀ ਮਾਡਲ ਵਿੱਚ ਫੇਲ ਹੁੰਦੇ ਜਾਪਣ ਲੱਗੇ ਹਨ। ਕਿਉਂਕਿ ਸਿਆਣਿਆਂ ਦੀਆਂ ਗੱਲਾਂ, ਅਤੇ ਔਲੇ ਦਾ ਖਾਧਾ, ਬਾਅਦ 'ਚ ਪਤਾ ਚੱਲਦਾ ਹੈ। ਜੇਕਰ ਚਾਦਰ ਤੋਂ ਬਾਹਰ ਪੈਰ ਜਾਣਗੇ, ਤਾਂ ਰੇਤਾ ਲੱਗਣਾ ਯਕੀਨੀ ਹੈ। ਵੱਡੇ ਕਰਜੇ, ਬੈਂਕਾਂ ਦੀਆਂ ਲਿਮਟਾਂ, ਕਿਸਾਨੀ ਤੇ ਅਮਰ ਵੇਲ ਵਾਂਗੂੰ ਫੈਲ ਗਈਆਂ। ਜਦੋਂ ਖੇਤੀ ਦੇ ਵਿੱਚ ਲੱਕ ਟੁੱਟ ਗਿਆ, ਤਾਂ ਨਵੀਂ ਪੀੜੀ ਦਾ ਮੁੱਖ ਵਿਦੇਸ਼ਾਂ ਵੱਲ ਹੋ ਗਿਆ। ਕਾਲਜਾਂ ਦੇ ਵਿੱਚ ਸੁੰਨਸਾਨ ਜਾਪਣ ਲੱਗੀ, ਪੰਜਾਬੀ ਨੌਜਵਾਨਾਂ ਲਈ ਆਈਲੈਟਸ ਹੀ ਵੱਡੀ ਡਿਗਰੀ ਬਣ ਗਿਆ। ਸਾਡੀ ਨੌਜਵਾਨੀ ਦੇ ਜਹਾਜ, ਬਰਫੀਲੀਆਂ ਧਰਤੀਆਂ ਤੇ ਭਰ ਕੇ ਜਾਣ ਲੱਗੇ। ਘਰਾਂ ਨੂੰ ਤਾਲੇ ਲੱਗ ਗਏ, ਕਈਆਂ ਦੇ ਮਾਂ ਬਾਪ ਇਕਲਾਪੇ ਦਾ ਜੀਵਨ ਜਿਉਣ ਲਈ ਮਜਬੂਰ ਹਨ। ਧਨ ਦੀ ਹੋੜ ਨੇ ਸਾਡੇ ਜੀਵਨ ਨੂੰ ਬੇਅਰਥ ਕਰ ਦਿੱਤਾ। ਲੱਖਾਂ ਕਰੋੜਾਂ ਦੇ ਮਾਲਕ, ਵੱਡੀਆਂ ਜਾਇਦਾਦਾਂ ਵਾਲੇ ਕਿਸਾਨਾਂ ਦੇ ਬੱਚੇ ਵਿਦੇਸ਼ਾਂ ਨੂੰ ਕੂਚ ਕਰ ਗਏ। ਛੋਟੇ ਅਤੇ ਮੱਧ ਵਰਗੀ ਕਿਸਾਨ, ਮਾੜੀ ਵਿੱਤੀ ਹਾਲਤ ਕਾਰਨ ਖੇਤੀ ਤੋਂ ਦੂਰ ਹੋਏ ਸਨ। ਪਰ ਵੱਡੇ ਕਿਸਾਨਾਂ ਦੇ ਬੱਚਿਆਂ ਨੂੰ ਪ੍ਰਵਾਸ ਦਾ ਪਰਛਾਵਾ ਲੈ ਬੈਠਿਆ। ਵਿਦੇਸ਼ਾਂ ਦੇ ਵਿੱਚ ਬੈਠੇ, ਸੁਪਨੇ ਪੰਜਾਬ ਦੇ ਲੈਂਦੇ ਹਨ। ਵਿਰਾਸਤ ਸਾਂਭੀ ਨਹੀਂ ਗਈ, ਜਿਹੜੀਆਂ ਕੌਮਾਂ ਆਪਣੀ ਵਿਰਾਸਤ ਭੁੱਲ ਜਾਣ, ਰਸੂਲ ਹਮਜਾਤੋਂਵ ਲਿਖਦਾ ਹੈ, ਕਿ ਉਹਨਾਂ ਦਾ ਭਵਿੱਖ ਰੁਲ ਜਾਂਦਾ ਹੈ। ਸਾਡੇ ਗੁਰੂਆਂ ਪੀਰਾਂ ਵੱਲੋਂ, ਸਾਨੂੰ ਸੱਚੀ ਸੁੱਚੀ ਕਿਰਤ ਕਰਨ ਦਾ ਸੰਦੇਸ਼ ਦਿੱਤਾ, ਪਰ ਅਸੀਂ ਕਿਰਤੀ ਸੱਭਿਆਚਾਰ ਤੋਂ ਮੁੱਖ ਹੀ ਮੋੜ ਲਿਆ। ਰਾਜਨੀਤਿਕ ਪਾਰਟੀਆਂ ਨੇ ਨੌਜਵਾਨੀ ਨੂੰ ਆਪਣੇ ਸਵਾਰਥ ਤਹਿਤ ਵਰਤਿਆ। ਹਰ ਪਾਰਟੀ ਨੇ ਯੂਥ ਵਿੰਗ ਬਣਾ ਦਿੱਤਾ, ਯੂਥ ਵਿੰਗ ਦੀ ਵਾਂਗ ਡੋਰ ਲੀਡਰਾਂ ਦੇ ਪੁੱਤਾਂ ਧੀਆਂ ਦੇ ਹੱਥ, ਵਰਕਰ ਸਾਡੇ ਨੌਜਵਾਨ ਬਣ ਗਏ। ਚਿੱਟੇ ਕੁੜਤੇ ਪਜਾਮੇ, ਸਾਡੀ ਨੇਤਾਗਿਰੀ ਦੀ ਪਹਿਚਾਣ ਬਣੇ, ਜਦੋਂ ਕਿਸਾਨਾਂ ਦੇ ਪੁੱਤਰਾਂ ਨੂੰ ਰਾਜਨੀਤੀ ਦੇ ਵਿੱਚ ਭਵਿੱਖ ਡੁੱਬਦਾ ਜਾਪਿਆ, ਤਾਂ ਪਤਾ ਹੀ ਨਾ ਲੱਗਿਆ, ਕਿ ਚਿੱਟੇ ਕੁੜਤੇ ਪਜਾਮਿਆਂ ਦੇ ਰੰਗ ਨੂੰ ਚਿੱਟੇ ਦੀ ਲਾਗ, ਕਦੋਂ ਲੱਗ ਗਈ। ਗੁਰਜੀਤ ਤੂਤ ਵਰਗੇ, ਕਬੱਡੀ ਦੇ ਮਹਾਂਰਥੀ, ਚਿੱਟੇ ਨੇ ਸਿਵਿਆਂ ਦੀਆਂ ਲਾਟਾਂ ਵਿੱਚ ਬਦਲ ਦਿੱਤੇ। ਗੱਲ ਸਮਝੋ ਬਾਹਰ ਜਾਪਣ ਲੱਗੀ, ਕੋਈ ਸੱਤ ਦਿਨਾਂ ਦੇ ਵਿੱਚ,ਕੋਈ ਸੱਤ ਘੰਟਿਆਂ ਦੇ ਵਿੱਚ ਨਸਿਆਂ ਨੂੰ ਖਤਮ ਕਰਨ ਦਾ ਵਾਅਦਾ ਕਰਨ ਲੱਗਿਆ। ਗੁਟਕਾ ਸਾਹਿਬ ਦੀ ਸਹੁੰ, ਸਾਡੇ ਲੀਡਰਾਂ ਲਈ, ਮਹਿਜ ਡਰਾਮਾ ਬਣ ਕੇ ਰਹਿ ਗਈ। ਵਾਅਦੇ ਭਾਈ ਘੱਟ ਕਰ ਲਓ, ਪਰ ਕਰੋ ਉਹ ਜੋ ਪੂਰੇ ਹੋਣ, ਸਤਾ ਦਾ ਨਸ਼ਾ ਹੀ ਅਜਿਹਾ ਹੈ। ਬੰਦਾ ਰਾਜਨੀਤੀ ਦੀ ਪੌੜੀ ਚੜਨ ਲੱਗਿਆਂ, ਝੂਠਾਂ ਦੀ ਪੰਡ ਦਾ ਸਿਰ ਤੇ, ਭਾਰ ਹੀ ਨਹੀਂ ਮੰਨਦਾ। ਸਾਡੇ ਕਿਰਤੀ ਪੰਜਾਬੀ, ਕਿਰਤ ਛੱਡ ਕੇ ਨੇਤਾਵਾਂ ਦੀਆਂ, ਮੁਫਤ ਸਕੀਮਾਂ ਤੇ ਟੇਕ ਰੱਖਣ ਲੱਗ ਪਏ। ਭੁੱਲ ਗਏ ਬਾਬੇ ਨਾਨਕ ਦੇ ਸਿਧਾਂਤ ਨੂੰ, ਭਾਈ ਆਪਣੇ ਹੱਥੀ, ਆਪਣਾ ਕਾਜ, ਆਪ ਸਵਾਰੀਏ। ਤੁਹਾਡੇ ਕਰਮ, ਤੁਹਾਡੀ ਕਿਰਤ ਤੇ ਨਿਰਭਰ ਹਨ। ਸਵਾਰਥ ਦੀ ਭਾਵਨਾ ਤਿਆਗੋ, ਧਰਤੀ ਮਨੁੱਖ ਦੀਆਂ ਲੋੜਾਂ ਤੋਂ ਬਹੁਤ ਵੱਧ, ਪਰ ਮਨੁੱਖ ਦੇ ਲਾਲਚ ਤੋਂ ਕਈ ਗੁਣਾ ਘੱਟ ਹੈ। ਅੱਜ ਲੋਕੀ ਭੁੱਖ ਨਾਲ ਘੱਟ, ਅਤੇ ਲੋੜ ਤੋਂ ਵੱਧ ਖਾਣ ਨਾਲ ਮਰ ਰਹੇ ਹਨ। ਪਰਮਾਤਮਾ ਨੇ ਪੰਜਾਬ ਨੂੰ ਬਹੁਤ ਸੌਗਾਤਾਂ ਦਿੱਤੀਆਂ ਹਨ। ਆਪਾਂ ਆਪਣੀ ਧਰਤੀ ਦੀ ਕਦਰ ਕਰੀਏ, ਸੱਚੀ ਸੁੱਚੀ ਕਿਰਤ ਦੇ ਨਾਲ ਜੁੜੀਏ, ਕਿਰਤ ਨੂੰ ਸਨਮਾਨ ਦਈਏ। ਪੰਜਾਬੀ ਦੇ ਮਕਬੂਲ ਕਵੀ ਅਵਤਾਰ ਪਾਸ਼ ਨੇ ਕਿਹਾ ਸੀ...
ਸੋਨੇ ਦੀ ਸਵੇਰ ਜਦੋਂ ਆਉ ਹਾਣੀਆਂ,
ਨੱਚੂਗਾ ਅੰਬਰ ਧਰਤੀ ਗਾਉ ਹਾਣੀਆ,
ਹਰਸੰਤ ਸਿੰਘ ਢੀਂਡਸਾ