ਕਪਤਾਨ ਹਰਮਨਪ੍ਰੀਤ ਸਿੰਘ ਦੀ ਹੈਟ੍ਰਿਕ ਸਦਕਾ ਭਾਰਤੀ ਪੁਰਸ਼ ਹਾਕੀ ਟੀਮ ਨੇ ਅੱਜ ਭਾਰੀ ਮੀਂਹ ਵਿਚਾਲੇ ਖੇਡੇ ਗਏ ਪੂਲ ਏ ਦੇ ਆਪਣੇ ਆਖਰੀ ਮੈਚ ਵਿੱਚ ਬੰਗਲਾਦੇਸ਼ ਨੂੰ 10-0 ਨਾਲ ਹਰਾ ਦਿੱਤਾ। ਇਸ ਲਗਾਤਾਰ ਪੰਜਵੀਂ ਜਿੱਤ ਮਗਰੋਂ ਹੁਣ ਭਾਰਤੀ ਟੀਮ ਪਹਿਲੀ ਅਕਤੂਬਰ ਨੂੰ ਸੈਮੀ ਫਾਈਨਲ ਵਿੱਚ ਪਾਕਿਸਤਾਨ ਨਾਲ ਭਿੜੇਗੀ; ਦੂਜੇ ਸੈਮੀ ਫਾਈਨਲ ਵਿੱਚ ਮਲੇਸ਼ੀਆ ਦਾ ਸਾਹਮਣਾ ਦੱਖਣੀ ਕੋਰੀਆ ਨਾਲ ਹੋਵੇਗਾ।
ਭਾਰਤ ਵੱਲੋਂ ਕਪਤਾਨ ਹਰਮਨਪ੍ਰੀਤ ਸਿੰਘ ਨੇ 27ਵੇਂ, 40ਵੇਂ ਅਤੇ 45ਵੇਂ ਮਿੰਟ ਵਿੱਚ ਤਿੰਨ ਗੋਲ ਦਾਗੇ। ਉਸ ਤੋਂ ਇਲਾਵਾ ਸ਼ਿਲਾਨੰਦ ਲਾਕੜਾ ਨੇ ਦੋ ਅਤੇ ਅਭਿਸ਼ੇਕ, ਜੁਗਰਾਜ ਸਿੰਘ, ਸੁਖਜੀਤ ਸਿੰਘ, ਸੰਜੈ ਅਤੇ ਮਨਦੀਪ ਸਿੰਘ ਨੇ ਇੱਕ-ਇੱਕ ਗੋਲ ਕੀਤਾ। ਮੌਜੂਦਾ ਚੈਂਪੀਅਨ ਭਾਰਤ ਨੇ ਇਸ ਤੋਂ ਪਹਿਲਾਂ ਇੰਡੋਨੇਸ਼ੀਆ ਨੂੰ 13-1, ਦੱਖਣੀ ਕੋਰੀਆ ਨੂੰ 8-2, ਸਿੰਗਾਪੁਰ ਨੂੰ 7-0 ਅਤੇ ਜਾਪਾਨ ਨੂੰ 2-0 ਨਾਲ ਹਰਾਇਆ ਸੀ।