1914 ਵਿੱਚ 41 ਏਕੜ ਜ਼ਮੀਨ ਦਾਨ ਕਰਨ ਵਾਲੇ ਰਹਿਮਾਨ ਸਾਹਿਬ ਦੀ ਕੁਰਬਾਨੀ ਨੂੰ ਭੁੱਲਿਆ ਰੇਲਵੇ ਵਿਭਾਗ? ਰੇਲ ਸੇਵਾ ਮੁੜ ਚਾਲੂ ਕਰਨ ਦੀ ਉੱਠੀ ਜ਼ੋਰਦਾਰ ਮੰਗ
ਰਾਹੋਂ 22 ਨਵੰਬਰ,
ਰਾਹੋਂ ਰੇਲਵੇ ਸਟੇਸ਼ਨ ਨਾਲ ਹੋ ਰਹੀ ਅਣਦੇਖੀ ਨੂੰ ਲੈ ਕੇ ਸ਼ਹਿਰ ਵਾਸੀਆਂ ਅਤੇ ਇਲਾਕੇ ਦੇ ਲੋਕਾਂ ਵਿੱਚ ਭਾਰੀ ਰੋਸ ਤੇ ਨਿਰਾਸ਼ਾ ਪਾਈ ਜਾ ਰਹੀ ਹੈ। ਇਲਾਕਾ ਵਾਸੀਆਂ ਨੇ ਕੇਂਦਰ ਸਰਕਾਰ ਅਤੇ ਰੇਲਵੇ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਰਾਹੋਂ ਰੇਲਵੇ ਸਟੇਸ਼ਨ ਦੀ ਵੀ ਸਾਰ ਲਈ ਜਾਵੇ ਅਤੇ ਜਲੰਧਰ ਤੋਂ ਜੇਜੋ ਵਾਇਆ ਰਾਹੋਂ ਰੇਲਗੱਡੀ ਦੀ ਸੇਵਾ ਮੁੜ ਬਹਾਲ ਕੀਤੀ ਜਾਵੇ।ਜਾਣਕਾਰੀ ਅਨੁਸਾਰ ਸਾਲ 1914 ਵਿੱਚ ਰਾਹੋਂ ਦੇ ਵਸਨੀਕ ਸ਼੍ਰੀ ਅਬਦਲ ਰਹਿਮਾਨ ਵੱਲੋਂ ਰੇਲਵੇ ਸਟੇਸ਼ਨ ਚਾਲੂ ਕਰਵਾਉਣ ਲਈ ਲਗਭਗ 41 ਏਕੜ ਜ਼ਮੀਨ ਰੇਲਵੇ ਵਿਭਾਗ ਨੂੰ ਦਾਨ ਕੀਤੀ ਗਈ ਸੀ। ਇਸ ਤੋਂ ਬਾਅਦ ਰੇਲਵੇ ਵਿਭਾਗ ਵੱਲੋਂ ਰੇਲਵੇ ਲਾਈਨ ਅਤੇ ਸਟੇਸ਼ਨ ਦੀ ਇਮਾਰਤ ਦਾ ਨਿਰਮਾਣ ਕੀਤਾ ਗਿਆ ਅਤੇ ਜਲੰਧਰ ਤੋਂ ਜੇਜੋ ਵਾਇਆ ਰਾਹੋਂ ਦਿਨ ਵਿੱਚ ਤਿੰਨ ਵਾਰ ਰੇਲਗੱਡੀ ਚੱਲਦੀ ਰਹੀ। ਇਸ ਰੇਲ ਸੇਵਾ ਦਾ ਵਪਾਰੀਆਂ, ਮੁਲਾਜ਼ਮਾਂ, ਵਿਦਿਆਰਥੀਆਂ, ਸ਼ਰਧਾਲੂਆਂ ਅਤੇ ਆਮ ਯਾਤਰੀਆਂ ਨੂੰ ਵੱਡਾ ਲਾਭ ਮਿਲਦਾ ਸੀ, ਜਦਕਿ ਰੇਲਵੇ ਵਿਭਾਗ ਦੀ ਆਮਦਨ ਵਿੱਚ ਵੀ ਵਾਧਾ ਹੁੰਦਾ ਸੀ।ਕੋਰੋਨਾ ਮਹਾਂਮਾਰੀ ਦੇ ਸਮੇਂ ਰੇਲ ਸੇਵਾ ਬੰਦ ਹੋਣ ਤੋਂ ਬਾਅਦ ਲਗਭਗ ਛੇ ਸਾਲਾਂ ਦੀ ਉਡੀਕ ਉਪਰੰਤ 18 ਅਪ੍ਰੈਲ 2026 ਨੂੰ ਫਗਵਾੜਾ ਤੋਂ ਚੱਲ ਕੇ ਜੇਜੋ ਵਾਇਆ ਰਾਹੋਂ ਰੇਲਗੱਡੀ ਮੁੜ ਸ਼ੁਰੂ ਹੋਈ ਤਾਂ ਸ਼ਹਿਰ ਵਾਸੀਆਂ, ਸਮਾਜਿਕ ਜਥੇਬੰਦੀਆਂ ਅਤੇ ਇਲਾਕੇ ਦੇ ਲੋਕਾਂ ਵੱਲੋਂ ਇਸ ਦਾ ਨਿੱਘਾ ਸਵਾਗਤ ਕੀਤਾ ਗਿਆ। ਪਰ ਇਹ ਖੁਸ਼ੀ ਵੀ ਜ਼ਿਆਦਾ ਸਮਾਂ ਨਹੀਂ ਟਿਕ ਸਕੀ, ਕਿਉਂਕਿ ਹਫ਼ਤੇ ਵਿੱਚ ਸਿਰਫ਼ ਪੰਜ ਦਿਨ ਅਤੇ ਇੱਕ ਵਾਰ ਚੱਲਣ ਵਾਲੀ ਇਹ ਰੇਲਗੱਡੀ ਅਕਤੂਬਰ 2026 ਤੋਂ ਮੁੜ ਬੰਦ ਹੋ ਗਈ।ਰੇਲ ਸੇਵਾ ਮੁੜ ਚਾਲੂ ਕਰਵਾਉਣ ਲਈ ਇਲਾਕੇ ਦੇ ਲੋਕਾਂ ਵੱਲੋਂ ਕਈ ਵਾਰ ਮੰਗ ਪੱਤਰ ਵੀ ਦਿੱਤੇ ਗਏ। ਇਸ ਸਬੰਧੀ ਜੀਤ ਰਾਮ ਹਿਆਲਾ ਪ੍ਰੇਮੀ, ਡਾਕਟਰ ਰਮੇਸ਼ ਚੋਪੜਾ, ਵਿਸ਼ਾਲ ਚੋਪੜਾ, ਸੋਹਣ ਸਿੰਘ ਭੱਟੀ, ਸਹਿਜਪਾਲ ਬੱਬਲੂ, ਸੁਤੰਤਰ ਸਿੰਘ ਅਤੇ ਹਰਦਿਆਲ ਸਿੰਘ ਬੰਗੜ ਆਦਿ ਵੱਲੋਂ ਇੱਕ ਵਫ਼ਦ ਦੇ ਰੂਪ ਵਿੱਚ ਕੇਂਦਰੀ ਰੇਲ ਰਾਜ ਮੰਤਰੀ ਸ਼੍ਰੀ ਰਵਨੀਤ ਸਿੰਘ ਬਿੱਟੂ, ਕੇਂਦਰੀ ਰੇਲ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਨਵ, ਫਿਰੋਜ਼ਪੁਰ ਮੰਡਲ ਦੇ ਡੀ.ਆਰ.ਐਮ. ਸਾਹਿਬ, ਹੁਸ਼ਿਆਰਪੁਰ ਦੇ ਸਾਬਕਾ ਸੰਸਦ ਮੈਂਬਰ ਸ਼੍ਰੀ ਅਵਿਨਾਸ਼ ਰਾਏ ਖੰਨਾ ਅਤੇ ਸ਼੍ਰੀ ਆਨੰਦਪੁਰ ਸਾਹਿਬ ਹਲਕੇ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੂੰ ਮੰਗ ਪੱਤਰ ਭੇਜ ਕੇ ਰੇਲ ਸੇਵਾ ਮੁੜ ਚਾਲੂ ਕਰਨ ਦੀ ਅਪੀਲ ਕੀਤੀ ਗਈ ਸੀ। ਪਰ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਅਜੇ ਤੱਕ ਉਨ੍ਹਾਂ ਦੀ ਮੰਗ ਨੂੰ ਲੈ ਕੇ ਕੋਈ ਠੋਸ ਕਾਰਵਾਈ ਸਾਹਮਣੇ ਨਹੀਂ ਆਈ।ਲੋਕਾਂ ਨੇ ਸਵਾਲ ਉਠਾਇਆ ਕਿ ਰਾਹੋਂ ਰੇਲਵੇ ਸਟੇਸ਼ਨ ਅਤੇ ਇਲਾਕੇ ਦੇ ਲੋਕਾਂ ਨਾਲ ਇਹ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ? ਰੇਲਵੇ ਵਿਭਾਗ ਕੋਲ ਸਟੇਸ਼ਨ ਨਾਲ ਸਬੰਧਤ ਲਗਭਗ 41 ਏਕੜ ਜ਼ਮੀਨ ਮੌਜੂਦ ਹੈ, ਜਿਸ ਨੂੰ ਯੋਜਨਾਬੱਧ ਢੰਗ ਨਾਲ ਵਰਤੋਂ ਵਿੱਚ ਲਿਆ ਕੇ ਵਿਭਾਗ ਆਪਣੀ ਆਮਦਨ ਵਧਾ ਸਕਦਾ ਹੈ।ਇਲਾਕਾ ਵਾਸੀਆਂ ਨੇ ਮੰਗ ਕੀਤੀ ਕਿ ਰਾਹੋਂ ਰੇਲਵੇ ਸਟੇਸ਼ਨ ਨੂੰ ਜਲੰਧਰ ਨਾਲ ਜੋੜ ਕੇ ਅੰਮ੍ਰਿਤਸਰ ਤੱਕ ਰੇਲ ਸੇਵਾ ਦਾ ਪੱਕਾ ਲਿੰਕ ਬਣਾਇਆ ਜਾਵੇ। ਇਸ ਤੋਂ ਇਲਾਵਾ ਰਾਹੋਂ ਤੋਂ ਨਵੀਂ ਰੇਲਵੇ ਲਾਈਨ ਵਿਛਾ ਕੇ ਖੰਨਾ ਰੇਲਵੇ ਸਟੇਸ਼ਨ ਨਾਲ ਜੋੜਨ ਦੀ ਸੰਭਾਵਨਾ ’ਤੇ ਵੀ ਵਿਚਾਰ ਕੀਤਾ ਜਾਵੇ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਵਪਾਰਕ ਗਤੀਵਿਧੀਆਂ ਨੂੰ ਹੁਲਾਰਾ ਮਿਲੇਗਾ, ਆਵਾਜਾਈ ਸੁਖਾਲੀ ਹੋਵੇਗੀ ਅਤੇ ਯਾਤਰੀਆਂ ਨੂੰ ਵੱਡੀ ਸਹੂਲਤ ਮਿਲੇਗੀ।ਸ਼ਹਿਰ ਵਾਸੀਆਂ ਅਤੇ ਇਲਾਕੇ ਦੇ ਲੋਕਾਂ ਨੇ ਕੇਂਦਰੀ ਰੇਲ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਨਵ ਅਤੇ ਫਿਰੋਜ਼ਪੁਰ ਮੰਡਲ ਦੇ ਡੀ.ਆਰ.ਐਮ. ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਰਾਹੋਂ ਰੇਲਵੇ ਸਟੇਸ਼ਨ ਨਾਲ ਜੁੜੀਆਂ ਇਨ੍ਹਾਂ ਮੰਗਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਰੇਲ ਸੇਵਾ ਜਲਦ ਤੋਂ ਜਲਦ ਮੁੜ ਸ਼ੁਰੂ ਕਰਵਾਈ ਜਾਵੇ, ਤਾਂ ਜੋ ਲੋਕਾਂ ਨੂੰ ਇਸ ਆਵਾਜਾਈ ਸਹੂਲਤ ਦਾ ਪੂਰਾ ਲਾਭ ਮਿਲ ਸਕੇ।